ਸਿੱਖੀ ਵਿੱਚ ਵੈਰ ਤੇ ਬਦਲਾ (Revenge)
ਗੁਰਬਾਣੀ ਨੇ ਅਕਾਲ ਮੂਰਤ ਜੋਤ ਜੋ ਘਟ ਘਟ ਵਿੱਚ ਮੌਜੂਦ ਹੈ ਅਕਾਲ ਦੀ ਮੂਰਤ ਹੈ ਅਕਾਲ ਦੇ ਅੱਠ ਮੂਲ ਗੁਣਾਂ ਵਿੱਚੋਂ ਉਸਦਾ ਇੱਕ ਮੂਲ ਗੁਣ ਨਿਰਵੈਰਤਾ ਦੱਸਿਆ ਹੈ। ਗੁਰਬਾਣੀ ਵਿੱਚ ਮਨ ਦੇ ਸੁਭਾਅ ਅਤੇ ਵਿਕਾਰਾਂ ਦੁਆਰਾ ਮਨੁੱਖ ਦੀ ਕਾਇਆ (presence) ਤੇ ਹੋਣ ਵਾਲੇ ਨੁਕਸਾਨ ਬਾਰੇ ਬਹੁਤ ਵਿਸਥਾਰ ਨਾਲ ਸਮਝਾਇਆ ਹੈ। ਮਨੁੱਖ ਦੀ ਕਾਇਆ ਉਸਦਾ ਸੰਸਾਰ ਵਿੱਚ ਵਿਚਰਣ ਹੈ। ਜੋ ਸਾਨੂੰ ਚੰਗੀ ਤਰਹ ਜਾਣਦੇ ਨਹੀਂ ਉਹ ਸਾਡੇ ਬਾਰੇ ਕੀ ਸੋਚਦੇ ਹਨ, ਉਹਨਾਂ ਤੇ ਸਾਡੀ ਗੱਲ ਸਾਡੇ ਬਿਉਹਾਰ ਦੀ ਕੀ ਛਾਪ ਹੈ ਅਸੀਂ ਉਸਨੂੰ ਕਾਇਆ ਕਹਿ ਸਕਦੇ ਹਾਂ। ਸਾਨੂੰ ਗੁਰਮਤਿ ਤੋਂ ਇਹ ਪਤਾ ਲਗਦਾ ਹੈ ਕੇ “ਕਾਮੁ ਕ੍ਰੋਧੁ ਕਾਇਆ ਕਉ ਗਾਲੈ॥”। ਗੁਰਬਾਣੀ ਮਨ ਨੂੰ ਇਹੀ ਗੁਣ ਆਪਣੇ ਮੂਲ ਚੇਤੇ ਕਰਾਣ ਦਾ ਜਤਨ ਕਰਦੀ ਹੈ “ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ॥ ਗੁਰਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ॥”
ਇਹ ਸਮਝਣਾ ਹੈ ਕੇ ਵੈਰ ਦੀ ਭਾਵਨਾ ਮਨੁੱਖ ਤੇ ਕੀ ਅਸਰ ਕਰਦੀ ਹੈ। ਜਿਹੜੇ ਭਗਤਾਂ ਗੁਰੂਆਂ ਦੇ ਕਿਰਦਾਰ ਨੂੰ ਸਮਝਦੇ ਹਨ ਉਹ ਜਾਣਦੇ ਹਨ ਕੇ ਗੁਰ ਇਤਿਹਾਸ ਵਿੱਚ ਕਿਸੇ ਗੁ੍ਰੂ, ਭਗਤ, ਗੁਰਮੁੱਖ ਨੇ ਵੈਰ ਦੀ ਭਾਵਨਾ ਨਹੀਂ ਰੱਖੀ ਭਾਵੇਂ ਕੋਈ ਭੂਤਨਾ ਬੇਤਾਲਾ ਕਹੇ, ਤੱਤੀ ਤਵੀ ਤੇ ਬੈਠੇ ਹੋਣ, ਸਿਰ ਹਾਥੀ ਦੇ ਪੇਰ ਥੱਲੇ ਹੋਵੇ ਜਾਂ ਸਿਰ ਕਲਮ ਹੋ ਜਾਵੇ। ਜਦੋਂ ਪੰਚਮ ਪਾਤਿਸ਼ਾਹ ਦੀ ਸ਼ਹਾਦਤ ਹੋਈ ਤੇ ਛੇਵੇਂ ਪਾਤਿਸ਼ਾਹ ਨੇ ਮੀਰੀ ਪੀਰੀ ਦਾ ਉਪਦੇਸ਼ ਦਿੱਤਾ, ਸ਼ਸਤਰ ਧਾਰਨ ਕੀਤੇ ਉਦੋਂ ਵੀ ਉਹਨਾਂ ਸਾਰੇ ਮੁਸਲਮਾਨ ਵੀਰਾਂ ਨਾਲ ਦਵੇਸ਼ ਜਾਂ ਵੈਰ ਦੀ ਭਾਵਨਾ ਨਹੀਂ ਰੱਖੀ। ਫੌਜ ਇਕੱਠੀ ਕਰ ਕੇ ਮੁਗਲ ਬਾਦਸ਼ਾਹ ਤੇ ਹਮਲਾ ਨਹੀਂ ਕੀਤਾ ਬਲਕਿ ਉਹਨਾਂ ਨੇ ਗਰੀਬ ਮੁਸਲਮਾਨਾਂ ਲਈ ਮਸਜਿਦ ਦੀ ਸਥਾਪਨਾ ਕੀਤੀ। ਨੌਵੇਂ ਪਾਤਿਸ਼ਾਹ ਦੀ ਸ਼ਹਾਦਤ ਹੋਈ, ਦਸਮ ਪਾਤਿਸ਼ਾਹ ਨੇ ਚਾਰ ਪੁੱਤ, ਮਾਂ ਤੇ ਸਿੱਖਾਂ ਦੀਆਂ ਅਨੇਕਾ ਸ਼ਹਾਦਤਾਂ ਤੋਂ ਬਾਦ ਵੀ ਮੁਸਲਮਾਨਾਂ ਨਾਲ ਵੈਰ ਨਹੀਂ ਰੱਖਿਆ। ਔਗਜ਼ੇਬ ਨੂੰ ਜ਼ਫ਼ਰਨਾਮੇ ਵਿੱਚ ਜੋ ਲਿਖਦੇ ਹਨ ਉਹ ਦਰਸਾਉਂਦਾ ਹੈ ਕੇ ਗੁਰੂ ਪਾਤਿਸ਼ਾਹ ਦੇ ਮਨ ਵਿੱਚ ਰੋਸ ਨਹੀਂ ਵੈਰ ਨਹੀਂ ਸਗੋਂ ਔਰੰਗਜ਼ੇਬ ਵਰਗੇ ਜ਼ਾਲਮ ਨੂੰ ਵੀ ਸੱਚ ਵੇਖਣ ਤੇ ਮਜਬੂਰ ਕਰ ਦੇਵੇ। ਕੁੱਝ ਇਤਿਹਾਸਕਾਰਾਂ ਦਾ ਮੰਨਣਾ ਹੈ ਕੇ ਜ਼ਫ਼ਰਨਾਮਾ ਪੜ੍ਹ ਕੇ ਮੁਗਲ ਬਾਦਿਸ਼ਾਹ ਢਾਹਾਂ ਮਾਰ ਕੇ ਰੋਇਆ ਤੇ ਸਿਰ ਨੰਗਾ ਕੇਵਲ ਫਤੂਹੀ ਪਾਈ ਹੀ ਮਹਿਲ ਤੋਂ ਬਾਹਰ ਨੂੰ ਭੱਜਿਆ ਸੀ ਤੇ ਮੁਗਲ ਦਰਬਾਰੀਆਂ ਨੇ ਫੜ ਕੇ ਬਿਠਾਇਆ। ਦਸਮ ਪਾਤਿਸ਼ਾਹ ਨੇ ਵੈਰ ਦੀ ਭਾਵਨਾ ਨਹੀਂ ਰੱਖੀ ਤੇ ਅੱਗੇ ਬਹਾਦਰ ਸ਼ਾਹ ਨੂੰ ਰਾਜ ਦਵਾਈਆ। ਸਿੱਖ ਇਤਿਹਾਸ ਵਿੱਚ ਬਿਅੰਤ ਸ਼ਹਾਦਤਾਂ ਹੋਈਆਂ ਹਨ, ਬਿਅੰਤ ਜੰਗਾਂ ਹਿੰਦੂ ਰਾਜਿਆ, ਤੁਰਕਾਂ ਅਤੇ ਮੁਗਲਾਂ ਨਾਲ ਜੰਗ ਹੋਣ ਦੇ ਬਾਦ ਵੀ ਸਿੱਖਾਂ ਨੇ ਗੁਰੂ ਪਾਤਿਸ਼ਾਹ ਦੇ ਵੈਰ ਨਾ ਰੱਖਣ ਦੇ ਫ਼ਲਸਫ਼ੇ ਨੂੰ ਚੇਤੇ ਰੱਖਿਆ ਹੈ। ਗੁਰਮਤਿ ਉਪਦੇਸ਼ ਹੈ ਕੇ ਵੈਰ ਵਿਰੋਧ ਨਹੀਂ ਧਾਰਣ ਕਰਨਾ। ਜੇ ਕਿਸੇ ਨੂੰ ਸੰਕਾ ਹੋਵੇ ਤਾਂ ਇਸ ਲੇਖ ਵਿੱਚ ਅੱਗੇ ਦੱਸੀਆਂ ਪੰਕਤੀਆਂ ਦਾ ਉਪਦੇਸ਼ ਵਿਚਾਰ ਲਵੇ
ਗੁਰਮੁਖਿ ਪਾਵੈ ਘਟਿ ਘਟਿ ਭੇਦ॥ ਗੁਰਮੁਖਿ ਵੈਰ ਵਿਰੋਧ ਗਵਾਵੈ॥(ਮ ੧, ਰਾਗੁ ਰਾਮਕਲੀ, ੯੪੨) – ਭਾਵ ਗੁਣਾਂ ਨੂੰ ਮੁੱਖ ਰੱਖਣ ਵਾਲਾ ਹਰੇਕ ਜੀਵ ਦੇ ਘਟ ਵਿੱਚ ਪਰਮੇਸਰ ਦੀ ਜੋਤ ਹੋਣ ਦਾ ਭੇਦ ਸਮਝਦਾ ਹੈ। ਗੁਰ ਮੁਖ ਭਾਵ ਗੁਣਾਂ ਨੂੰ ਮੁੱਖ ਰੱਖਣ ਵਾਲਾ ਵੈਰ ਵਿਰੋਧ ਗਵਾਉਂਦਾ ਹੈ।
ਸਾਧਸੰਗਿ ਜਪਿਓ ਭਗਵੰਤੁ॥ ਕੇਵਲ ਨਾਮੁ ਦੀਓ ਗੁਰਿ ਮੰਤੁ॥ ਤਜਿ ਅਭਿਮਾਨ ਭਏ ਨਿਰਵੈਰ॥ ਆਠ ਪਹਰ ਪੂਜਹੁ ਗੁਰ ਪੈਰ॥(ਮ ੫, ਰਾਗੁ ਮਾਝ, ੧੦੮) – ਸਾਧਸੰਗ (ਸਾਧੇ ਹੋਏ ਮਨ ਦੇ ਸੰਗ) ਜਪਿਓ ਭਾਵ ਪਛਾਣਿਆ ਭਗਵੰਤ। ਕੇਵਲ ਨਾਮ (ਸੋਝੀ) ਦਾ ਗੁਰ ਮੰਤਰ ਚੇਤੇ ਰੱਖਿਆ। ਅਭਿਮਾਨ ਤਜ ਕੇ ਭਾਵ ਛੱਡ ਕੇ ਨਿਰਵੈਰ ਹੋਏ, ਇਹੀ ਆਠ ਪਹਰ ਹਰ ਵੇਲੇ ਗੁਰ (ਗੁਣਾਂ) ਦੇ ਪੈਰ ਪੂਜਣ ਬਰਾਬਰ ਹੈ।
ਦਸਮ ਪਾਤਿਸ਼ਾਹ ਵੀ ਇਹੀ ਆਖਦੇ ਹਨ ਕੇ ਹਰੇਕ ਜੀਵ ਵਿੱਚ ਪਰਮੇਸਰ ਦੀ ਜੋਤ ਸਮਝਣੀ ਹੈ “ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਕਰਤਾ ਕਰੀਮ ਸੋਈ ਰਾਜਕ ਰਹੀਮ ਓਈ ਦੂਸਰੋ ਨ ਭੇਦ ਕੋਈ ਭੂਲ ਭ੍ਰਮ ਮਾਨਬੋ॥ ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ ਏਕ ਹੀ ਸਰੂਪ ਸਬੈ ਏਕੈ ਜੋਤ ਜਾਨਬੋ॥”
”ਵਵਾ ਵੈਰੁ ਨ ਕਰੀਐ ਕਾਹੂ॥ ਘਟ ਘਟ ਅੰਤਰਿ ਬ੍ਰਹਮ ਸਮਾਹੂ॥ ਵਾਸੁਦੇਵ ਜਲ ਥਲ ਮਹਿ ਰਵਿਆ॥ ਗੁਰ ਪ੍ਰਸਾਦਿ ਵਿਰਲੈ ਹੀ ਗਵਿਆ॥ ਵੈਰ ਵਿਰੋਧ ਮਿਟੇ ਤਿਹ ਮਨ ਤੇ॥ ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ॥”
ਜੇ ਹਰੇਕ ਜੀਵ ਵਿੱਚ ਪਰਮੇਸਰ ਦੀ ਜੋਤ ਦਿਸਣ ਲੱਗ ਜਾਵੇ, ਜੋ ਹੋ ਰਹਿਆ ਹੈ ਉਹ ਸਬ ਹੁਕਮ ਵਿੱਚ ਹੁੰਦਾ ਦਿਸਣ ਲਗ ਜਾਵੇ ਤਾਂ ਵੈਰ ਵਿਰੋਧ ਖਤਮ ਹੋ ਜਾਂਦੇ ਹਨ। ਸ਼ੰਕੇ ਮਿਟ ਜਾਂਦੇ ਹਨ। ਭਰਮ ਕੱਟੇ ਜਾਂਦੇ ਹਨ। ਮਨੁੱਖ ਵੈਰ, ਗੁੱਸਾ, ਹਉਮੈ ਦੀ ਪੰਡ ਸਿਰ ਤੋਂ ਲਾਹ ਕੇ ਥੱਲੇ ਰੱਖ ਦਿੰਦਾ ਹੈ। ਆਦਿ ਬਾਣੀ ਵਿੱਚ ਅੱਗੇ ਹੋਰ ਸਮਝਾਉਂਦੇ ਹਨ ਪਾਤਿਸ਼ਾਹ ਤੇ ਆਖਦੇ ਹਨ
”ਭਏ ਕ੍ਰਿਪਾਲ ਸੁਆਮੀ ਮੇਰੇ ਜੀਉ॥ ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ॥ ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ॥ਗੁਰ ਮਨ ਕੀ ਆਸ ਪੂਰਾਈ ਜੀਉ॥“ – ਸੁਆਮੀ ਕਿਰਪਾਲ ਹੋਏ, ਹੁਕਮ ਸਮਝਾ ਕੇ ਪਤਿਤ ਪਵਿਤ ਕਰ ਦਿੱਤਾ। ਮਨ ਨਿਰਮਲ (ਮਲ ਰਹਿਤ) ਹੋ ਗਿਆ ਤਾਂ ਸਾਰੇ ਭਰਮ ਮੁੱਕ ਗਏ। ਜੋ ਅਵਸਥਾ ਬਣੀ ਉਸ ਵਿੱਚੋਂ ਨਿਰਵੈਰਤਾ ਪ੍ਰਾਪਤ ਹੋਈ, ਸਹਜ ਉਤਪਨ ਹੋਇਆ। ਰੰਜਿਸ਼ ਮੁੱਕ ਗਈ। ਬਿਅੰਤ ਉਪਦੇਸ਼ ਹਨ ਬਾਣੀ ਵਿੱਚ ਜੋ ਦੱਸਦੇ ਹਨ ਕੇ ਨਿਰ ਵੈਰ ਕਿਵੇਂ ਹੋਣਾ ਹੈ। ਨਿਰ ਵੈਰ ਹੋਣ ਨਾਲ ਕੀ ਹੋਣਾ।
”ਜਨੁ ਲਾਗਾ ਹਰਿ ਏਕੈ ਨਾਇ॥ ਤਿਸ ਕੀ ਆਸ ਨ ਬਿਰਥੀ ਜਾਇ॥ ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥ ਇਸ ਤੇ ਊਪਰਿ ਨਹੀ ਬੀਚਾਰੁ॥ ਜਾ ਕੈ ਮਨਿ ਬਸਿਆ ਨਿਰੰਕਾਰੁ॥ ਬੰਧਨ ਤੋਰਿ ਭਏ ਨਿਰਵੈਰ॥ਅਨਦਿਨੁ ਪੂਜਹਿ ਗੁਰ ਕੇ ਪੈਰ॥ ਇਹ ਲੋਕ ਸੁਖੀਏ ਪਰਲੋਕ ਸੁਹੇਲੇ॥”
ਜਿਸਨੂੰ ਗੁਰੂ ਦਾ ਉਪਦੇਸ਼ ਸਮਝ ਲੱਗ ਜਾਂਦਾ ਹੈ ਉਹ ਨਿਰਵੈਰ ਹੋ ਕੇ ਆਪਣੇ ਮਨ ਨੂੰ ਨਾਮ (ਸੋਝੀ) ਦੁਆਰਾ ਹਲਕਾ ਕਰ ਲੈਂਦਾ ਹੈ “ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ॥ ਕਾਹੇ ਜਨਮੁ ਗਵਾਵਹੁ ਵੈਰਿ ਵਾਦਿ॥੨॥” – ਗੁਣਾਂ ਦੇ ਗਾਹਕ ਨੂੰ ਤਾਂ ਨਾਮ (ਸੋਝੀ) ਸੁਆਦ ਲਗਦੀ ਹੈ “ਬ੍ਰਹਮ ਗਿਆਨੀ ਬੰਧਨ ਤੇ ਮੁਕਤਾ॥ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ॥ ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ॥”
ਨਾਨਕ ਦੀ ਹੁਕਮ ਦੀ ਵਿਚਾਰਧਾਰਾ ਲਹਿਣੇ ਤੋਂ ਅੰਗਦ ਬਣਾ ਦਿੰਦੀ ਹੈ। ਜੇ ਗੁਰਬਾਣੀ ਸਮਝ ਕੇ ਅਸੀਂ ਨਾਨਕ ਨਹੀਂ ਬਣੇ, ਨਾਨਕ ਵਾਲੇ ਹੀ ਗੁਣ ਧਾਰਣ ਨਹੀਂ ਕੀਤਾ ਤਾ ਫੇਰ ਗੁਰਬਾਣੀ ਪੜ੍ਹਨ ਸੁਣਨ ਸਮਝਣ ਦਾ ਕੀ ਲਾਭ। ਗੁਰਬਾਣੀ ਸੁਣ ਸਮਝ ਕੇ ਮੰਨ ਕੇ ਅਸੀਂ ਗੁਰਬਾਣੀ ਹੀ ਬਣਨਾ ਹੈ। ਗੁਰਬਾਣੀ, ਗੁਣਾਂ ਦੀ ਮਤਿ ਦਾ ਮੂਲ ਗੁਣ ਹੈ ਇਹ ਸਾਰਿਆਂ ਵਿੱਚ ਗਿਆਨ ਦੀ ਜੋਤ ਉਜਾਗਰ ਕਰਦੀ ਹੈ ਤੇ ਮੰਨਣ ਵਾਲੇ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ ਕੇਵਲ ਮਹਿਸੂਸ ਕੀਤੀ ਜਾ ਸਕਦੀ ਹੈ “ਮੰਨੇ ਕੀ ਗਤਿ ਕਹੀ ਨ ਜਾਇ॥”। ਧੰਨ ਹੈ ਗੁਰ ਬਾਣੀ ਤੇ ਗੁਰਬਾਣੀ ਵਿਚਲਾ ਉਪਦੇਸ਼।
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ॥ ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ॥ ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ॥ ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ॥ ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ॥ ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ॥ ਵਾਹੁ ਵਾਹੁ ਸਤਿਗੁਰੂ ਹੈ ਜਿ ਸਚੁ ਦ੍ਰਿੜਾਏ ਸੋਇ॥ ਨਾਨਕ ਸਤਿਗੁਰ ਵਾਹੁ ਵਾਹੁ ਜਿਸ ਤੇ ਨਾਮੁ ਪਰਾਪਤਿ ਹੋਇ॥
ਦਸਮ ਬਾਣੀ ਵਿਚਲਾ ਆਦੇਸ਼ ਵੀ ਇਹੀ ਹੈ। ਦਸਮ ਪਾਤਿਸ਼ਾਹ ਆਖਦੇ
”ਦੀਨ ਦਯਾਲ ਦੁਖ ਹਰਣ ਦੁਰਮਤ ਹੰਤਾ ਦੁਖ ਖੰਡਣ॥ ਮਹਾ ਮੋਨ ਮਨ ਹਰਨ ਮਦਨ ਮੂਰਤ ਮਹਿ ਮੰਡਨ॥ ਅਮਿਤ ਤੇਜ ਅਬਿਕਾਰ ਅਖੈ ਆਭੰਜ ਅਮਿਤ ਬਲ॥ ਨਿਰਭੰਜ ਨਿਰਭਉ ਨਿਰਵੈਰ ਨਿਰਜੁਰ ਨ੍ਰਿਪ ਜਲ ਥਲ॥ ਅਛੈ ਸਰੂਪ ਅਛੂ ਅਛਿਤ ਅਛੈ ਅਛਾਨ ਅਛਰ॥ ਅਦ੍ਵੈ ਸਰੂਪ ਅਦ੍ਵਿਯ ਅਮਰ ਅਭਿਬੰਦਤ ਸੁਰ ਨਰ ਅਸੁਰ॥”
ਪਰਮੇਸਰ ਨਿਰਵੈਰ ਹੈ “ਤੁਮ ਜਗ ਕੇ ਕਾਰਨ ਕਰਤਾਰਾ॥ ਘਟਿ ਘਟਿ ਕੀ ਮਤਿ ਜਾਨਨਹਾਰਾ॥ ਨਿਰੰਕਾਰ ਨਿਰਵੈਰ ਨਿਰਾਲਮ॥ ਸਭ ਹੀ ਕੇ ਮਨ ਕੀ ਤੁਹਿ ਮਾਲਮ॥” ਤੇ ਇਹ ਪਰਮੇਸਰ (ਪਰਮ ਈਸ਼ਵਰ) ਦੀ ਜੋਤ ਹਰੇਕ ਘਟ ਵਿੱਚ ਹੈ “ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ॥ ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ॥ ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ॥੨॥” । ਜਦੋਂ ਇਹ ਸਮਝ ਆ ਜਾਵੇ ਤਾਂ ਕਿਸੇ ਨਾਲ ਵੈਰ ਨਹੀਂ ਰਹਿੰਦਾ। ਜੋ ਸਾਮਣੇ ਖੜਾ ਹੈ ਉਹ ਵੀ ਜੋਤ ਸਰੂਪ ਹੀ ਹੈ ਤੇ ਜੋ ਉਹ ਕਰ ਰਹਿਆ ਹੈ ਉਹ ਵੀ ਹੁਕਮ ਵਿੱਚ ਕਰ ਰਹਿਆ ਹੈ “ਅਪਨੈ ਰੰਗਿ ਕਰਤਾ ਕੇਲ॥ ਆਪਿ ਬਿਛੋਰੈ ਆਪੇ ਮੇਲ॥ ਇਕਿ ਭਰਮੇ ਇਕਿ ਭਗਤੀ ਲਾਏ॥ ਅਪਣਾ ਕੀਆ ਆਪਿ ਜਣਾਏ॥”
ਸੋ ਭਾਈ ਵੈਰ ਵਿਰੋਧ ਗੁਰਮਤਿ ਗਿਆਨ ਦੁਆਰਾ ਦੂਰ ਕਰਨਾ ਹੈ। Revenge ਦੀ ਭਾਵਨਾ, ਬਦਲੇ ਦੀ ਭਾਵਨਾ, ਵੈਰ ਵਿਰੋਧ ਨਾਮ (ਹੁਕਮ ਦੀ ਸੋਝੀ) ਦੁਆਰਾ ਦੂਰ ਕਰੀਏ। ਸਬੈ ਘਟ ਰਾਮ ਬੋਲਦਾ ਇਹ ਚੇਤੇ ਰੱਖੀਏ। ਜਦੋਂ ਮਾਫ਼ ਕਰਨਾ ਸਿੱਖ ਲਿਆ, ਗੁੱਸਾ/ਕ੍ਰੋਧ ਕਾਬੂ ਕਰ ਲਿਆ ਇੱਕ ਅੱਛੇ ਸਮਾਜ ਦੀ ਰਚਨਾ ਆਪੇ ਹੋ ਜਾਣੀ। ਬਦਲੇ ਦੀ ਭਾਵਨਾ ਝਗੜਾ ਪੈਦਾ ਕਰਦੀ ਹੈ, ਭਗਤ ਕਬੀਰ ਜੀ ਆਖਦੇ “ਝਗਰੁ ਕੀਏ ਝਗਰਉ ਹੀ ਪਾਵਾ॥” ਸੋ ਬਦਲੇ ਦੀ ਭਾਵਨਾ ਝਗੜੇ ਦਾ ਅੰਤ ਨਹੀਂ ਹੋਣ ਦਿੰਦੀ। ਜਦੋਂ ਮਾਫ਼ ਕਰਨ ਲੱਗ ਪਏ ਝਗੜਾ ਮੁੱਕ ਜਾਣਾ, ਪਹਿਲਾ ਕਦਮ ਮਾਫੀ ਦਾ ਹੋਣਾ ਚਾਹੀਦਾ ਹੈ। ਸੋ ਗੁਰਬਾਣੀ ਕੇਵਲ ਪੜ੍ਹਨੀ ਨਹੀਂ ਹੈ ਧਾਰਣ ਕਰਨੀ ਹੈ।
ਵੇਖੋ
”ਹਰਿ”